ਈਸ਼ਰ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਈਸ਼ਰ ਸਿੰਘ (1882-1916) : ਇਕ ਗ਼ਦਰੀ ਆਗੂ ਜੋ ਪੰਜਾਬ ਦੇ ਅਜੋਕੇ ਫਰੀਦਕੋਟ ਜ਼ਿਲੇ ਵਿਚ ਢੁੱਡੀਕੇ ਪਿੰਡ ਵਿਚ ਸੱਜਣ ਸਿੰਘ ਦਾ ਪੁੱਤਰ ਸੀ। ਇਹ 1907 ਵਿਚ ਕੈਨੇਡਾ ਵਿਖੇ ਵਸ ਗਿਆ ਪਰੰਤੂ ਚਾਰ ਸਾਲਾਂ ਬਾਅਦ ਵਾਪਿਸ ਆ ਗਿਆ। ਇਹ ਆਪਣੇ ਪਿੰਡ ਜ਼ਿਆਦਾ ਦੇਰ ਨਹੀਂ ਟਿਕਿਆ ਅਤੇ ਫਿਰ ਯਾਤਰਾ ਤੇ ਚਲ ਪਿਆ ਪਰ ਇਸ ਵਾਰੀ ਅਮਰੀਕਾ ਚਲਿਆ ਗਿਆ ਜਿਥੇ ਜਾ ਕੇ ਇਹ ਗ਼ਦਰ ਪਾਰਟੀ ਦਾ ਮੈਂਬਰ ਬਣ ਗਿਆ। ਜਦੋਂ ਪਹਿਲੀ ਸੰਸਾਰ ਜੰਗ ਸ਼ੁਰੂ ਹੋਈ ਤਾਂ ਗ਼ਦਰੀ ਨੇਤਾਵਾਂ ਨੇ ਬਾਹਰ ਗਏ ਭਾਰਤੀਆਂ ਨੂੰ ਵਾਪਸ ਹਿੰਦੁਸਤਾਨ ਆਉਣ ਦੀ ਅਪੀਲ ਕੀਤੀ ਅਤੇ ਹਥਿਆਰਬੰਦ ਕ੍ਰਾਂਤੀ ਲਈ ਤਿਆਰ ਰਹਿਣ ਲਈ ਕਿਹਾ। ਈਸ਼ਰ ਸਿੰਘ ਨੇ ਇਸ ਬੁਲਾਵੇ ਦਾ ਹੁੰਗਾਰਾ ਭਰਿਆ ਅਤੇ ਦਸੰਬਰ 1914 ਦੇ ਤੀਸਰੇ ਹਫਤੇ ਕੋਲਕਤਾ ਪਹੁੰਚ ਗਿਆ। 14 ਸਤੰਬਰ 1915 ਤਕ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸੀ। ਇਸ ਸਮੇਂ ਦੌਰਾਨ ਈਸ਼ਰ ਸਿੰਘ ਨੇ ਆਪਣੇ ਪਿੰਡ ਨੂੰ ਕ੍ਰਾਂਤੀਕਾਰੀ ਸਰਗਰਮੀ ਦਾ ਕੇਂਦਰ ਬਣਾਇਆ। ਇਸ ਨੂੰ ਉਸ ਸਮੇਂ ਦੇ ਫਰੀਦਕੋਟ ਰਿਆਸਤ ਵਿਚਲੇ ਪਿੰਡ ਮਹਿਮਾ ਸਰਜਾ ਵਿਚੋਂ ਗ੍ਰਿਫ਼ਤਾਰ ਕਰ ਲਿਆ ਗਿਆ। ਨਜ਼ਰਬੰਦੀ ਸਮੇਂ ਇਸ ਨੇ ਆਪਣਾ ਜ਼ਿਆਦਾ ਸਮਾਂ ਗੁਰਬਾਣੀ ਦਾ ਪਾਠ ਕਰਨ ਵਿਚ ਬਿਤਾਇਆ।

    ਦੂਸਰੇ ਲਾਹੌਰ ਸਾਜ਼ਸ਼ ਮੁਕੱਦਮੇ ਦੇ ਸੰਬੰਧ ਵਿਚ ਉਸ ਕੇਸ ਨੂੰ ਸੰਖੇਪ ਵਿਚ ਵਿਚਾਰਦੇ ਹੋਏ ਜੱਜਾਂ ਨੇ ਕਿਹਾ ਕਿ ਉਹਨਾਂ ਨੂੰ ਪੂਰਨ ਤਸੱਲੀ ਹੈ ਕਿ ਈਸ਼ਰ ਸਿੰਘ ਭਾਰਤ ਵਿਚ “ਸਰਕਾਰ ਨੂੰ ਡੇਗਣ ਦੀ ਮਨਸ਼ਾ ਨਾਲ ਆਇਆ ਸੀ; ਇਸ ਉਦੇਸ਼ ਦੀ ਪੂਰਤੀ ਲਈ ਇਸ ਨੇ ਪਹਿਲੇ ਦਿਨ ਤੋਂ ਹੀ ਕ੍ਰਾਂਤੀ ਲਿਆਉਣ ਲਈ ਸਗਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ; ਇਹ ਫੀਰੋਜ਼ਪੁਰ ਦੇ ਹਮਲੇ ਵਿਚ ਸ਼ਾਮਲ ਸੀ; ਢੁੱਡੀਕੇ ਵਿਚ ਇਸ ਨੇ ਵਿਦਰੋਹੀ ਸਰਗਰਮੀਆਂ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਕਈਆਂ ਨੂੰ ਗੁੰਮਰਾਹ ਕੀਤਾ; ਜੂਨ 2 (1915) ਵਾਲੀ ਮੀਟਿੰਗ ਵਿਚ ਇਹ ਸ਼ਾਮਲ ਸੀ ਅਤੇ ਕਪੂਰਥਲੇ ਉੱਤੇ ਹਮਲਾ ਕਰਨ ਵਾਲਿਆਂ ਦੀ ਯੋਜਨਾਬੰਦੀ ਵਿਚ ਇਹ ਮੋਹਰੀ ਸੀ ਜਿਸ ਵਿਚ ਇਸ ਨੇ ਖੁਦ ਹਿੱਸਾ ਲਿਆ ਅਤੇ ਜਿਸ ਘਰ ਵਿਚ ਇਹ ਰਹਿੰਦਾ ਸੀ ਉਸ ਵਿਚੋਂ ਹਥਿਆਰ ਮਿਲੇ ਸਨ। ਈਸ਼ਰ ਸਿੰਘ ਨੂੰ ਜਾਇਦਾਦ ਜ਼ਬਤ ਕਰਨ ਅਤੇ ਮੌਤ ਦੀ ਸਜ਼ਾ ਦਿੱਤੀ ਗਈ ਅਤੇ ਲਾਹੌਰ ਸੈਂਟਰਲ ਜ਼ੇਲ ਵਿਚ ਇਸ ਨੂੰ 4 ਜੂਨ 1916 ਨੂੰ ਫ਼ਾਂਸੀ ਤੇ ਲਟਕਾ ਦਿੱਤਾ ਗਿਆ।

ਲੇਖਕ : ਸ.ਸ.ਜ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1531, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਈਸ਼ਰ ਸਿੰਘ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਈਸ਼ਰ ਸਿੰਘ: ਇਹ ਜਰਨੈਲ ਅਕਾਲੀ ਫੂਲਾ ਸਿੰਘ ਦਾ ਪਿਤਾ ਸੀ। ਈਸ਼ਰ ਸਿੰਘ ਹਿਸਾਰ ਦੇ ਇਕ ਛੋਟੇ ਜਿਹੇ ਪਿੰਡ ਸੀਹਾਂ ਦਾ ਰਹਿਣ ਵਾਲਾ ਸੀ। ਇਹ ਨਿਸ਼ਾਨਵਾਲੀ ਮਿਸਲ ਨਾਲ ਸਬੰਧਤ ਸੀ। ਇਸ ਨੇ ਤਨੋ-ਮਨੋ ਪੰਥ ਦੀ ਸੇਵਾ ਕੀਤੀ। ਜਦੋਂ ਅਹਿਮਦਸ਼ਾਹ ਅਬਦਾਲੀ, ਪੰਜਾਬ ਦੇ ਮੁਸਲਮਾਨ ਹਾਕਮਾਂ ਅਤੇ ਸਿੱਖਾਂ ਵਿਚਕਾਰ ਕੁਪਰਹੀੜ ਦੇ ਸਥਾਨ ਤੇ ਇਕ ਬਹੁਤ ਵੱਡੀ ਲੜਾਈ (ਵੱਡਾ ਘੱਲੂਘਾਰਾ) ਹੋਈ ਸੀ ਤਾਂ ਇਸ ਵਿਚ ਈਸ਼ਰ ਸਿੰਘ ਵੀ ਮੌਜੂਦ ਸੀ। ਹਮਲਾਵਰਾਂ ਨਾਲ ਲੜਦਾ ਹੋਇਆ ਇਹ ਬੁਰੀ ਤਰਾਂ ਜ਼ਖਮੀ ਹੋ ਗਿਆ । ਇਸ ਦੇ ਸਰੀਰ ਉੱਤੇ ਸੱਤ ਫਟੇ ਲਗੇ ਹਨ। ਹ. ਪੁ. – ਮ . ਕੋ . 127 ; ਸਿੱਖ ਇਤਿਹਾਸ ਦੀਆਂ ਝਲਕੀਆਂ-ਭਾਗ ਦੂਜਾ ਪ੍ਰਿੰਸੀਪਲ ਤੇਜਾ ਸਿੰਘ

ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1188, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no

ਈਸ਼ਰ ਸਿੰਘ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਈਸ਼ਰ ਸਿੰਘ: ਪੰਜਾਬੀ ਸ਼ਹੀਦ ਈਸ਼ਰ ਸਿੰਘ ਉਰਫ਼ ਪੂਰਨ ਸਿੰਘ ਜ਼ਿਲ੍ਹਾ ਫਿਰੋਜ਼ਪੁਰ, ਪਿੰਡ ਢੁੱਡੀਕੇ ਦਾ ਰਹਿਣ ਵਾਲਾ ਸੀ। ਇਸ ਦਾ ਜਨਮ ਸ. ਸੱਜਣ ਸਿੰਘ ਦੇ ਘਰ 18888 ਈ. ਵਿਚ ਹੋਇਆ। ਸੱਜ਼ਣ ਸਿੰਘ ਕਈ ਸਾਲ ਕੈਨੇਡਾ ਵੀ ਰਹਿ ਚੁੱਕਾ ਸੀ। ਈਸ਼ਰ ਸਿੰਘ ਗ਼ਦਰ ਪਾਰਟੀ ਦਾ ਮੈਂਬਰ ਸੀ। ਸੰਨ 1915 ਵਿਚ ਪਿਛਲੀ ਲਾਹੌਰ ਸਾਜ਼ਸ਼ ਵਿਚ ਇਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਸਾਰੀ ਜਾਇਦਾਦ ਜ਼ਬਤ ਕਰ ਕੇ ਮੌਤ ਦੀ ਸਜ਼ਾ ਦਾ ਹੁਕਮ ਦਿੱਤਾ ਗਿਆ।

ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1188, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no

ਈਸ਼ਰ ਸਿੰਘ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਈਸ਼ਰ ਸਿੰਘ: ਜ਼ਲ੍ਹਿਆਂ ਵਾਲੇ ਬਾਗ਼ ਦੇ ਇਸ ਸ਼ਹੀਦ ਦਾ ਜਨਮ 1899 ਈ. ਵਿਚ ਅੰਮ੍ਰਿਤਸਰ ਵਿਖੇ, ਸ. ਲਹਿਣਾ ਸਿੰਘ ਦੇ ਘਰ ਹੋਇਆ। ਈਸ਼ਰ ਸਿੰਘ ਨੇ ਕੌਮ-ਪ੍ਰਸਤ ਸਰਗਰਮੀਆਂ ਵਿਚ ਸ਼ਾਮਲ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਬੀੜਾ ਚੁੱਕਿਆ। 13 ਅਪ੍ਰੈਲ, 1919 ਨੂੰ ਜਲ੍ਹਿਆਂ ਵਾਲੇ ਬਾਗ਼ ਵਿਚ ਹੋ ਰਹੀ ਪਬਲਿਕ ਮੀਟਿੰਗ ਵਿਚ ਇਹ ਸ਼ਾਮਲ ਹੋਇਆ ਅਤੇ ਉਥੇ ਹੀ ਪੁਲਿਸ ਦੀ ਇਕ ਗੋਲੀ ਨਾਲ ਇਹ ਸਵਰਗ ਸਿਧਾਰ ਗਿਆ।

ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1188, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no

ਈਸ਼ਰ ਸਿੰਘ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਈਸ਼ਰ ਸਿੰਘ: ਜ਼ਿਲ੍ਹਾ ਸੇਖੂਪੁਰਾ (ਪਾਕਿ) ਵਿਚ ਪਿੰਡ ਬਹੁੜੂ ਦੇ ਇਸ ਸ਼ਹੀਦ ਦਾ ਜਨਮ 1881 ਈ. ਵਿਚ ਅਤਰ ਸਿੰਘ ਦੇ ਘਰ ਹੋਇਆ। ਇਹ ਨਨਕਾਣਾ ਸਾਹਿਬ ਦੇ ਮੋਰਚੇ ਵਿਚ ਸ਼ਾਮਲ ਹੋਇਆ। ਸੰਨ 1921 ਵਿਚ ਨਨਕਾਣਾ ਸਹਿਬ ਵਿਖੇ ਪੁਲਿਸ ਦੀ ਗੋਲੀ ਲੱਗਣ ਕਾਰਨ ਇਹ ਸਵਰਗਾਸ ਹੋ ਗਿਆ।

ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1188, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no

ਈਸ਼ਰ ਸਿੰਘ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਈਸ਼ਰ ਸਿੰਘ: ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿਚ ਰੂਪੋਵਾਲ ਪਿੰਡ ਦਾ ਜੰਮਪਾਲ ਸੀ। ਇਹ ਨਨਕਾਣਾ ਸਾਹਿਬ ਦੇ ਮੋਰਚੇ ਵਿਚ ਸ਼ਾਮਲ ਹੋਇਆ ਅਤੇ ਉਥੇ ਹੀ 21 ਫ਼ਰਵਰੀ, 1921 ਈ. ਦੇ ਦਿਨ ਪੁਲਿਸ ਦੀ ਗੋਲੀ ਲੱਗਣ ਕਾਰਨ ਇਸ ਦਾ ਦੇਹਾਂਤ ਹੋ ਗਿਆ।

ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1188, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no

ਈਸ਼ਰ ਸਿੰਘ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਈਸ਼ਰ ਸਿੰਘ: ਇਹ ਪਿੰਡ ਪਾਰੋਵਾਲੀ, ਜ਼ਿਲ੍ਹਾ ਗੁਰਦਾਸਪੁਰ (ਪੰਜਾਬ) ਵਿਖੇ, ਸ. ਹਰਦਿੱਤ ਸਿੰਘ ਦੇ ਘਰ ਪੈਦਾ ਹੋਇਆ। ਇਸ ਦੀ ਮਾਤਾ ਦਾ ਨਾਂ ਸਰਦਾਰਨੀ ਪ੍ਰੇਮ ਕੌਰ ਸੀ। ਇਹ ਨਨਕਾਣਾ ਸਾਹਿਬ ਦੇ ਮੋਰਚੇ ਵਿਚ ਸ਼ਾਮਲ ਹੋਇਆ ਅਤੇ 1921 ਈ. ਵਿਚ ਉਥੇ ਹੀ ਪੁਲਿਸ ਦੀ ਗੋਲਾਬਾਰੀ ਵਿਚ ਸ਼ਹੀਦੀ ਪ੍ਰਾਪਤ ਕੀਤੀ।

ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1188, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no

ਈਸ਼ਰ ਸਿੰਘ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਈਸ਼ਰ ਸਿੰਘ: ਪੰਜਾਬ ਦਾ ਇਹ ਸ਼ਹੀਦ ਜ਼ਿਲ੍ਹਾ ਫਿਰੋਜ਼ਪੁਰ ਦੇ ‘ਸਮਾਲਸਰ’ ਪਿੰਡ ਵਿਚ ਪੈਦਾ ਹੋਇਆ। ਇਸ ਦੇ ਪਿਤਾ ਸ. ਸੁੰਦਰ ਸਿੰਘ ਖੇਤੀਬਾੜੀ ਕਰਦੇ ਸਨ। ਈਸ਼ਰ ਸਿੰਘ ਨੇ ਜੈਤੋਂ ਦੇ ਮੋਰਚੇ ਵਿਚ ਪੂਰੀ ਸਰਗਰਮੀ ਨਾਲ ਹਿੱਸਾ ਲਿਆ। ਅੰਗਰੇਜ਼ ਸਰਕਾਰ ਨੇ ਇਸ ਨੂੰ ਗ੍ਰਿਫ਼ਤਾਰ ਕਰ ਕੇ ਨਾਭੇ ਜੇਲ੍ਹ ਵਿਚ ਬੰਦ ਕਰ ਦਿੱਤਾ। ਪੁਲਿਸ ਨੇ ਇਸ ਨੂੰ ਬੇਰਹਿਮੀ ਨਾਲ ਕੁੱਟਿਆ। 10 ਅਕਤੂਬਰ, 1924 ਈ. ਨੂੰ ਨਾਭੇ ਦੀ ਜੇਲ੍ਹ ਅੰਦਰ ਹੀ ਇਸ ਦੀ ਮੌਤ ਹੋ ਗਈ।

ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1188, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no

ਈਸ਼ਰ ਸਿੰਘ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਈਸ਼ਰ ਸਿੰਘ: ਜੈਤੋ ਦੇ ਮੋਰਚੇ ਦਾ ਇਹ ਸ਼ਹੀਦ ਪਿੰਡ ਇਸ਼ਾਰਕੇ, ਜ਼ਿਲ੍ਹਾ ਸ਼ੇਖੂਪੂਰਾ (ਪਾਕਿਸਤਾਨ) ਵਿਖੇ ਪੈਦਾ ਹੋਇਆ ਸੀ। ਜੈਤੋ ਵਿਚ ਇਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਅਤੇ ਨਾਭੇ ਦੀ ਜੇਲ੍ਹ ਵਿਚ ਬੰਦ ਕਰ ਦਿੱਤਾ। ਇਥੇ ਹੀ 26 ਜੁਲਾਈ, 1924 ਨੂੰ ਇਸ ਦਾ ਦੇਹਾਂਤ ਹੋ ਗਿਆ।

ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1188, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no

ਈਸ਼ਰ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਈਸ਼ਰ ਸਿੰਘ :  ਪੰਜਾਬ  ਦੇ ਇਸ ਪ੍ਰਸਿੱਧ ਗੋਲਾ ਸੁੱਟਣ ਵਾਲੇ ਸੁਟਾਵੇ ਦਾ ਜਨਮ 7 ਸਤੰਬਰ, 1929 ਨੂੰ ਪਿੰਡ ਰੰਗੂਵਾਲਾ (ਜ਼ਿਲ੍ਹਾ ਲੁਧਿਆਣਾ) ਵਿਖੇ ਹੋਇਆ। ਇਸ ਨੇ ਦਸਵੀਂ ਜਮਾਤ ਤਕ ਪੜ੍ਹਾਈ ਪਿੰਡ ਆਰਫ਼ ਵਾਲਾ (ਜ਼ਿਲ੍ਹਾ ਮਿੰਟਗੁਮਰੀ) ਵਿਖੇ ਕੀਤੀ ਅਤੇ ਮਿੰਟਗੁਮਰੀ ਦੇ ਸਕੂਲਾਂ ਵਿਚ ਗੋਲਾ, ਡਿਸਕਸ ਅਤੇ ਹੈਮਰ ਸੁੱਟਣ ਦੇ ਮੁਕਾਬਲਿਆਂ ਵਿਚ ਫਸਟ ਆਉਂਦਾ ਰਿਹਾ। ਇਸ ਦੀ ਖੇਡਾਂ ਵੱਲ ਰੁਚੀ ਇਸ ਕਾਰਨ ਹੋ ਗਈ ਸੀ ਕਿਉਂਕਿ ਇਸ ਦਾ ਪਿਤਾ ਖ਼ੁਦ ਇਕ ਐਥਲੀਟ ਸੀ। ਲਾਹੌਰ ਵਿਚ ਉਸ ਸਮੇਂ ਦੇ ਪੰਜਾਬ ਦੇ ਸਕੂਲਾਂ ਦੇ ਐਥਲੀਟਾਂ ਵਿਚੋਂ ਇਹ ਗੋਲਾ ਸੁੱਟਣ ਵਿਚ ਅੱਵਲ ਆਇਆ। ਇਸ ਗੁਣ ਨੂੰ ਦੇਖਦਿਆਂ ਖ਼ਾਲਸਾ ਕਾਲਜ, ਅੰਮ੍ਰਿਤਸਰ ਦੇ ਪ੍ਰਿੰਸੀਪਲ ਨੇ ਇਸ ਨੂੰ ਕਾਲਜ ਵਿਚ ਦਾਖ਼ਲਾ ਦੇ ਦਿੱਤਾ।

        ਖ਼ਾਲਸਾ ਕਾਲਜ ਵਿਚ ਪੜ੍ਹਾਈ ਦੌਰਾਨ ਇਹ 1949 ਈ. ਵਿਚ ਗੋਲੇ, ਡਿਸਕਸ ਤੇ ਹੈਮਰ ਸੁੱਟਣ ਦਾ ਯੂਨੀਵਰਸਿਟੀ ਚੈਂਪੀਅਨ ਬਣਿਆ ਅਤੇ ਉਸੇ ਸਾਲ ਇੰਟਰ-ਯੂਨੀਵਰਸਿਟੀ ਚੈਂਪੀਅਨ ਵੀ ਬਣ ਗਿਆ।

        ਸੰਨ 1951 ਵਿਚ ਇਹ ਪੈਪਸੂ ਪੁਲਿਸ ਵਿਚ ਭਰਤੀ ਹੋਇਆ। ਇਸੇ ਸਾਲ ਦਿੱਲੀ ਵਿਚ ਹੋਈਆਂ ਪਹਿਲੀਆਂ ਏਸ਼ੀਅਨ ਖੇਡਾਂ ਵਿਚ ਇਸ ਨੇ ਗੋਲਾ ਸੁੱਟਣ ਵਿਚ ਭਾਰਤ ਦੀ ਪ੍ਰਤਿਨਿਧਤਾ ਕੀਤੀ ਅਤੇ 40 ਫੁੱਟ 7 ਇੰਚ ਦੂਰ ਗੋਲਾ ਸੁੱਟ ਕੇ ਏਸ਼ੀਆ ਵਿਚ ਚੌਥਾ ਸਥਾਨ ਪ੍ਰਾਪਤ ਕੀਤਾ। ਸੰਨ 1954 ਵਿਚ ਮਿੰਟਗੁਮਰੀ ਦੀ 'ਆਲ ਕਮਰਜ਼ ਮੀਟ' ਵਿਚ 46 ਫੁੱਟ 11-1/2 ਇੰਚ ਦੂਰ ਗੋਲਾ ਸੁੱਟ ਕੇ ਇਹ ਏਸ਼ੀਆ ਦੇ ਰਿਕਾਰਡ ਦੇ ਮੁਕਾਬਲੇ ਵਿਚ ਆ ਗਿਆ। ਮਨੀਲਾ ਦੀਆਂ ਏਸ਼ਿਆਈ ਖੇਡਾਂ ਵਿਚ ਇਸ ਨੇ 44 ਫੁੱਟ ਦੂਰ ਗੋਲਾ ਸੁੱਟ ਕੇ ਤਾਂਬੇ ਦਾ ਤਮਗ਼ਾ ਪ੍ਰਾਪਤ ਕੀਤਾ। ਸੰਨ 1956 ਵਿਚ ਦਿੱਲੀ ਦੀ ਭਾਰਤ-ਪਾਕਿ ਮੀਟ ਵਿਚ ਇਸ ਨੇ ਚਾਂਦੀ ਦਾ ਤਮਗਾ ਜਿੱਤਿਆ ਅਤੇ 1958 ਈ. ਵਿਚ ਇਸ ਨੇ ਟੋਕੀਓ ਦੀਆਂ ਏਸ਼ਿਆਈ ਖੇਡਾਂ ਵਿਚ ਵੀ ਭਾਗ ਲਿਆ। ਸੰਨ 1960 ਦੀ ਇੰਡੋ-ਪਾਕਿ ਮੀਟ ਵਿਚ ਇਸ ਨੇ 49 ਫੁੱਟ 5-1/2 ਇੰਚ ਦੂਰ ਗੋਲਾ ਸੁੱਟਿਆ ਸੀ।

        ਇਸ ਨੇ ਪੁਲਿਸ ਵਿਚ ਹੁੰਦਿਆਂ ਪਟਿਆਲੇ ਦੀ ਰਾਸ਼ਟਰੀ ਖੇਡ ਸੰਸਥਾ ਦਾ ਕੋਰਸ ਪਾਸ ਕਰ ਲਿਆ ਸੀ। ਸੰਨ 1962 ਵਿਚ ਇਸ ਨੇ ਪੁਲਿਸ ਦੀ ਨੌਕਰੀ ਛੱਡ ਦਿੱਤੀ ਅਤੇ ਸਿੱਖਿਆ ਵਿਭਾਗ ਵਿਚ ਕੋਚ ਲਗ ਗਿਆ। ਇਸ ਨੇ ਕਾਫ਼ੀ ਸਮਾਂ ਜਲੰਧਰ ਦੇ ਸਪੋਰਟਸ ਕਾਲਜ ਵਿਚ ਕੋਚਿੰਗ ਦਿੰਦਿਆਂ ਲੰਘਾਇਆ। ਇਸ ਨੇ ਕਈ ਮੰਨੇ ਪ੍ਰਮੰਨੇ ਐਥਲੀਟਾਂ ਨੂੰ ਕੋਚਿੰਗ ਦਿੱਤੀ। ਇਹ ਪੰਜਾਬ ਦੀ ਐਮੇਚਿਉਰ ਐਥਲੈਟਿਕਸ' ਐਸੋਸੀਏਸ਼ਨ ਦਾ ਆਨਰੇਰੀ ਸਕੱਤਰ ਰਿਹਾ। ਇਹ ਰਾਸ਼ਟਰੀ ਟੀਮ ਨੂੰ ਕੋਚਿੰਗ ਦੇਣ ਅਤੇ ਏਸ਼ਿਆਈ ਐਥਲੈਟਿਕਸ ਮੀਟ ਲਈ ਬਤੌਰ ਕੋਚ ਰਾਸ਼ਟਰੀ ਟੀਮ ਦੇ ਨਾਲ ਬਦੇਸ਼ਾਂ ਵਿਚ ਵੀ ਗਿਆ।

ਲੇਖਕ : ਸਰਵਣ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1050, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-02-03-59-27, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਖਿ.

ਵਿਚਾਰ / ਸੁਝਾਅ

Please Login First

    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.